ਹਾਊਸ ਔਫ਼ ਲਾਰਡਜ਼ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

House of Lords_ਹਾਊਸ ਔਫ਼ ਲਾਰਡਜ਼: ਬਰਤਾਨਵੀ ਪਾਰਲੀਮੈਂਟ ਦੇ ਉਪਰਲੇ ਸਦਨ ਨੂੰ ਹਾਊਸ ਔਫ਼ ਲਾਰਡਜ਼ ਕਿਹਾ ਜਾਂਦਾ ਹੈ। ਨਾਰਮਨ ਬਾਦਸ਼ਾਹਾਂ ਦੇ ਸਮੇਂ ਦੀ ਇਤਿਹਾਸਕ ਮੈਗਨਮ ਕੌਂਸਿਲਿਅਮ ਦਾ ਵਰਤਮਾਨ ਰੂਪ ਹੈ। ਭਾਵੇਂ ਜੀਵਨ ਪੀਅਰਜ਼ (ਹਾਊਸ ਔਫ਼ ਲਾਰਡਜ਼ ਦੇ ਮੈਂਬਰ) ਵੀ ਮੌਜੂਦ ਹਨ ਅਤੇ ਨਵੇਂ ਸਿਰਜੇ ਜਾ ਸਕਦੇ ਹਨ, ਪਰ ਅਧਿਕਤਰ ਮੈਂਬਰ ਜੱਦੀ ਹਨ। ਇਸ ਸਦਨ ਦੇ ਇਕ ਹਜ਼ਾਰ ਤੋਂ ਵੱਧ ਮੈਂਬਰ ਹਨ ਅਤੇ ਉਨ੍ਹਾਂ ਨੂੰ ਮੋਟੇ ਤੌਰ ਤੇ ਛੇ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲੇ ਵਰਗ ਵਿਚ ਸ਼ਾਹੀ ਖ਼ਾਨਦਾਨ ਦੇ ਪਿ੍ਰੰਸ ਆਉਂਦੇ ਹਨ, ਪਰ ਉਹ ਸਦਨ ਦੀ ਕਾਰਵਾਈਆਂ ਵਿਚ ਕੋਈ ਖ਼ਾਸ ਦਿਲਚਸਪੀ ਨਹੀਂ ਵਿਖਾਉਂਦੇ। ਦੂਜੇ ਵਰਗ ਵਿੱਚ ਜੱਦੀ ਅਤੇ ਟੈਂਪੋਰਲ ਪੀਅਰਜ਼ ਆਉਂਦੇ ਹਨ ਅਤੇ ਇਨ੍ਹਾਂ ਦੀ ਗਿਣਤੀ 900 ਦੇ ਕਰੀਬ ਹੈ। ਇਹ ਬੈਰਨਾਂ, ਵਿਸਕਾਊਟਾਂ, ਅਰਲਾਂ, ਮਾਰਕੁਇਸਾਂ ਅਤੇ ਡਿਊਕਾਂ ਦੇ ਰੈਂਕ ਵਿਚ ਆਉਂਦੇ ਹਨ। ਇਹ ਜਾਂ ਤਾਂ ਜੱਦੀ ਹੁੰਦੇ ਹਨ ਜਾਂ ਨਵੇਂ ਪੀਅਰ ਥਾਪੇ ਗਏ ਹੁੰਦੇ ਹਨ। ਉਸ ਤੋਂ ਪਿਛੋਂ ਸਕਾਟਿਸ਼ ਪੀਅਰਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਸਾਲ 1963 ਦੇ ਐਕਟ ਅਨੁਸਾਰ ਸਾਰੇ ਸਕਾਟਿਸ਼ ਪੀਅਰ ਹਾਊਸ ਔਫ਼ ਲਾਰਡਜ਼ ਵਿਚ ਬੈਠ ਸਕਦੇ ਹਨ। ਇਨ੍ਹਾਂ ਤੋਂ ਇਲਾਵਾ ਆਇਰਲੈਂਡ ਦੇ ਪੀਅਰ ਵੀ ਇਸ ਸਦਨ ਦੇ ਮੈਂਬਰ ਹੁੰਦੇ ਹਨ ਜੋ ਜੀਵਨ-ਕਾਲ ਲਈ ਚੁਣੇ ਗਏ ਹੁੰਦੇ ਹਨ। ਸਪਰਿਚੂਅਲ ਅਤੇ ਕਲੀਸਿਆਈ ਪੀਅਰਜ਼ ਦੀ ਗਿਣਤੀ 26 ਹੈ ਅਤੇ ਉਹ ਚਰਚ ਔਫ਼ ਇੰਗਲੈਂਡ ਦੀ ਪ੍ਰਤਿਨਿਧਤਾ ਕਰਦੇ ਹਨ। ਉਪਰੋਕਤ ਤੋਂ ਇਲਾਵਾ 21 ਲਾਅ ਲਾਰਡਜ਼ ਵੀ ਇਸ ਸਦਨ ਦੇ ਮੈਂਬਰ ਹੁੰਦੇ ਹਨ। ਇਨ੍ਹਾਂ ਵਿਚ ਦੇਸ਼ ਦੇ ਸਿਰ ਕੱਢ ਕਾਨੂੰਨਦਾਨ ਸ਼ਾਮਲ ਹੁੰਦੇ ਹਨ ਅਤੇ ਜੀਵਨਕਾਲ ਲਈ ਮੈਂਬਰ ਹੁੰਦੇ ਹਨ। ਸਾਇੰਸ, ਕਲਾ , ਸਾਹਿਤ, ਕਾਨੂੰਨ , ਵਪਾਰ ਅਤੇ ਸਮਾਜਕ ਸੇਵਾ ਵਿਚ ਸਿਰਕੱਢ ਵਿਅਕਤੀਆਂ ਨੂੰ ਸਨਮਾਨ ਦੇਣ ਲਈ ਜੀਵਨ-ਕਾਲ ਲਈ ਪੀਅਰ ਥਾਪਣ ਦਾ ਉਪਬੰਧ ਮੌਜੂਦ ਹੈ। ਪ੍ਰਧਾਨ ਪ੍ਰੰਤਰੀ ਐਟਲੇ ਨੂੰ ਵੀ ਜੀਵਨ ਕਾਲ ਲਈ ਪੀਅਰ ਥਾਪਿਆ ਗਿਆ ਸੀ। ਪਰਵਾਨ ਕੀਤੀ ਗਈ ਮੈਂਬਰੀ ਤਿਆਗੀ ਨਹੀਂ ਸੀ ਜਾ ਸਕਦੀ। ਪਰ 1963 ਦੇ ਪੀਅਰੇਜ ਐਕਟ ਅਧੀਨ ਸਬੰਧਤ ਵਿਅਕਤੀ ਪੀਅਰ ਹੋਣ ਦਾ ਤਿਆਗ ਕਰ ਸਕਦਾ ਹੈ। ਲੇਕਿਨ ਜੱਦੀ ਮੈਂਬਰ ਦੇ ਬਾਰੇ ਉਪਬੰਧ ਕੀਤਾ ਗਿਆ ਹੈ ਉਹ ਖ਼ੁਦ ਪੀਅਰ ਹੋਣ ਜਾਂ ਰਹਿਣ ਦਾ ਤਿਆਗ ਕਰ ਸਕਦਾ ਹੈ ਅਤੇ ਉਸ ਤੋਂ ਬਾਦ ਉਸ ਦੇ ਵਾਰਸ ਪੀਅਰ ਬਣੇ ਰਹਿ ਸਕਦੇ ਹਨ। ਉਂਜ ਇਹ ਇਕ ਸਥਾਈ ਸਦਨ ਹੈ ਅਤੇ ਹਾਊਸ ਔਫ਼ ਕਾਮਨਜ਼ ਵਾਂਗ ਤੋੜਿਆ ਨਹੀਂ ਜਾ ਸਕਦਾ।

       ਇਸ ਤਰ੍ਹਾਂ ਇਹ ਸਦਨ ਇਕ ਗ਼ੈਰ-ਪ੍ਰਤੀਨਿਧ ਅਤੇ ਪੁਰਾਣ ਪੰਥੀ ਸਦਨ ਹੈ। ਵਿੰਸਟਨ ਚਰਚਿਲ ਦੇ ਲਫ਼ਜ਼ਾਂ ਵਿਚ ਹਾਊਸ ਔਫ਼ ਲਾਰਡਜ਼ ਇਕ ਗ਼ੈਰ-ਪ੍ਰਤੀਨਿਧ, ਅਣਉਤਰਦਾਈ ਅਤੇ ਗ਼ੈਰ-ਹਾਜ਼ਰ ਮੈਂਬਰਾਂ ਦਾ ਸਦਨ ਹੈ। ਇਸ ਸਦਨ ਦਾ ਪ੍ਰਧਾਨਗੀ ਅਫ਼ਸਰ ਲਾਰਡ ਚਾਂਸਲਰ ਹੁੰਦਾ ਹੈ ਅਤੇ ਉਸ ਦੀ ਸੀਟ ਨੂੰ ‘‘ਵੂਲ ਸੈਕ ’’ ਕਿਹਾ ਜਾਂਦਾ ਹੈ।

       ਪਰ ਇਸ ਗੱਲ ਨਾਲ ਸਾਰੇ ਸਹਿਮਤ ਹਨ ਕਿ ਹਾਊਸ ਔਫ਼ ਲਾਰਡਜ਼ ਵਿਚ ਬਹਿਸਾਂ ਦਾ ਮਿਆਰ ਬਹੁਤ ਉੱਚਾ ਹੁੰਦਾ ਹੈ। ਸੰਨ 1909 ਵਿਚ ਹਾਊਸ ਔਫ਼ ਲਾਡਰਜ਼ ਨੇ ਲਿਬਰਲ ਸਰਕਾਰ ਦੁਆਰਾ ਪਾਸ ਕੀਤੇ ਬਜਟ ਨੂੰ ਰੱਦ ਕਰ ਦਿੱਤਾ। ਇਸ ਦੇ ਫਲਸਰੂਪ 1911 ਵਿਚ ਪਾਰਲੀਮੈਂਟ ਨੇ ਧਨ ਬਿਲਾਂ ਬਾਰੇ ਸਭ ਸ਼ਕਤੀਆਂ ਤੋਂ ਹਾਊਸ ਔਫ਼ ਲਾਰਡਜ਼ ਨੂੰ ਵੰਚਿਤ ਕਰ ਦਿੱਤਾ। ਉਸ ਐਕਟ ਅਧੀਨ ਹੁਣ ਹਾਊਸ ਔਫ਼ ਕਾਮਨਜ਼ ਦੁਆਰਾ ਪਾਸ ਕੀਤਾ ਧਨ ਬਿਲ ਹਾਊਸ ਔਫ਼ ਲਾਰਡਜ਼ ਦੇ ਸਮਾਗਮ ਦੇ ਅੰਤ ਤੋਂ ਇਕ ਮਹੀਨਾ ਪਹਿਲਾ ਉਸ ਸਦਨ ਨੂੰ ਭੇਜਿਆ ਜਾਂਦਾ ਹੈ। ਅਤੇ ਉਸ ਤੋਂ ਬਾਦ ਉਹ ਸਿੱਧਾ ਬਾਦਸ਼ਾਹ ਦੇ ਦਸਖ਼ਤਾਂ ਲਈ ਭੇਜ ਦਿੱਤਾ ਜਾਂਦਾ ਹੈ। ਸੰਨ 1947 ਵਿਚ ਲੇਬਰ ਸਰਕਾਰ ਦੁਆਰਾ ਉਦਯੋਗਾਂ ਦੇ ਕੌਮੀਕਰਨ ਬਾਰੇ ਕੁਝ ਬਿਲਾਂ ਦੇ ਪਾਸ ਕਰਨ ਵਿਚ ਇਸ ਸਦਨ ਨੇ ਦੇਰੀ ਕੀਤੀ ਜਿਸ ਦੇ ਫਲਸਰੂਪ 1949 ਦਾ ਐਕਟ ਪਾਸ ਕਰਕੇ ਉਪਰਲੇ ਸਦਨ ਦੇ ਖੰਭ ਹੋਰ ਵੀ ਕੁਤਰ ਦਿੱਤੇ ਗਏ। ਹੁਣ ਕੋਈ ਗ਼ੈਰ-ਧਨ ਬਿਲ ਜੋ ਹਾਊਸ ਔਫ਼ ਕਾਮਨਜ਼ ਦੁਆਰਾ ਦੋ ਉੱਤਰਵਰਤੀ ਇਜਲਾਸਾਂ ਵਿਚ ਪਾਸ ਕੀਤਾ ਜਾਵੇ ਅਤੇ ਦੋ ਇਜਲਾਸਾਂ ਵਿਚਕਾਰ ਇਕ ਸਾਲ ਦੀ ਵਿੱਥ ਹੋਵੇ ਤਾਂ ਉਹ ਬਿਲ ਹਾਊਸ ਔਫ਼ ਲਾਰਡਜ਼ ਦੀ ਸਹਿਮਤੀ ਤੋਂ ਬਿਨਾਂ ਐਕਟ ਬਣ ਸਕਦਾ ਹੈ। ਪਰ ਹਾਲੀ ਵੀ ਯੂ. ਕੇ. ਵਿਚ ਹਾਊਸ ਔਫ਼ ਲਾਰਡਜ਼ ਅਪੀਲਾਂ ਲਈ ਸਰਵ ਉੱਚ ਅਦਾਲਤ ਹੈ। ਤਕਨੀਕੀ ਤੌਰ ਤੇ ਹਾਊਸ ਔਫ਼ ਲਾਡਰਜ਼ ਦੇਸ਼ ਦੀ ਸਰਵ-ਉੱਚ ਅਦਾਲਤ ਹੈ, ਪਰ ਕਾਨਵੈਨਸ਼ਨ ਇਹ ਹੈ ਕਿ ਜਦੋਂ ਹਾਊਸ ਔਫ਼ ਲਾਡਰਜ਼ ਅਦਾਲਤ ਵਜੋਂ ਬੈਠਦਾ ਹੈ ਤਾਂ ਲਾਰਡ ਚਾਂਸਲਰ ਅਤੇ ਲਾਅ ਲਾਰਡਜ਼ ਹੀ ਉਸ ਦੀ ਕਾਰਵਾਈ ਵਿਚ ਹਿੱਸਾ ਲੈਂਦੇ ਹਨ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1520, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.